
⇒ਸੈਂਟਰ ਦੇ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਦਿਖਾਇਆ ਦਮਖਮ।
⇒ ਵਿਜੇਤਾ ਬੱਚਿਆਂ ਨੂੰ ਇਨਾਮ ਦੇ ਕੇ ਖੇਡਾਂ ਪ੍ਰਤੀ ਕੀਤਾ ਉਤਸ਼ਾਹਿਤ
ਨਿਊਜ਼4ਪੰਜਾਬ ਬਿਊਰੋ।
ਗੁਰਦਾਸਪੁਰ/ਬਟਾਲਾ । ਸਿੱਖਿਆ ਵਿਭਾਗ ਦੇ ਆਦੇਸ਼ਾਂ ਦੇ ਤਹਿਤ ਬਲਾਕ ਧਿਆਨਪੁਰ ਦੇ ਅਧੀਨ ਆਉਂਦੇ ਕਲਸਟਰ ਪੱਧਰ ਤੇ ਧਰਮਕੋਟ ਬੱਗਾ ਸੈਂਟਰ ਵਿਖੇ ਖੇਡਾਂ 2025 ਦਾ ਆਯੋਜਨ ਕੀਤਾ ਗਿਆ। ਸ਼ਨੀਵਾਰ ਨੂੰ ਇਹਨਾਂ ਖੇਡਾਂ ਦਾ ਆਯੋਜਨ ਸਰਕਾਰੀ ਪ੍ਰਾਇਮਰੀ ਸਕੂਲ (ਖਾਨ ਫੱਤਾ) ਦੇ ਖੇਡ ਮੈਦਾਨ ਵਿੱਚ ਕੀਤਾ ਗਿਆ, ਜਿਸ ਵਿੱਚ ਸੈਂਟਰ ਧਰਮਕੋਟ ਬੱਗਾ ਦੇ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲਿਆ। ਇਹਨਾਂ ਖੇਡ ਮੁਕਾਬਲਿਆਂ ਦਾ ਆਯੋਜਨ ਸੈਂਟਰ ਧਰਮਕੋਟ ਬੱਗਾ ਦੀ ਸੀ.ਐਚ.ਟੀ (ਸੈਂਟਰ ਹੈਡ ਟੀਚਰ) ਮੈਡਮ ਪਲਵਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਕੀਤਾ ਗਿਆ। 
ਇਸ ਮੌਕੇ ਤੇ ਕਬੱਡੀ, ਕੁਸ਼ਤੀ, ਰਸ਼ਾਕੱਸੀ ,ਫੁੱਟਬਾਲ, ਗੋਲਾ ਸੁੱਟਣਾ, ਲੌਂਗ ਜੰਪ , ਯੋਗਾ, ਖੋ- ਖੋ, ਬੈਡਮਿੰਟਨ ਅਤੇ ਦੌੜ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆ ਵਿੱਚ ਨੰਨੇ ਮੁੰਨੇ ਬੱਚਿਆਂ ਨੇ ਆਪਣੀ ਭਰਪੂਰ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਖੇਡਾਂ ਵਿੱਚ ਅਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ । ਇਸ ਮੌਕੇ ਤੇ ਵੱਖ ਵੱਖ ਅਧਿਆਪਕਾਂ ਨੇ ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਰੈਫਰੀ ਦੀ ਭੂਮਿਕਾ ਵੀ ਨਿਭਾਈ। ਇਹਨਾਂ ਸੈਂਟਰ ਪੱਧਰੀ ਖੇਡ ਮੁਕਾਬਲਿਆ ਦੀ ਸੰਚਾਲਕ ਅਤੇ ਪ੍ਰਬੰਧਕ ਦੀ ਅਹਿਮ ਭੂਮਿਕਾ ਧਿਆਨਪੁਰ ਦੇ ਬੀ.ਆਰ.ਸੀ ਮਨਦੀਪ ਸਿੰਘ (ਖਾਨ ਫੱਤਾ) ਨੇ ਨਿਭਾਈ। ਇਸ ਮੌਕੇ ਤੇ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। 
ਇਸ ਮੌਕੇ ਤੇ ਰੱਸਾਕਸ਼ੀ ਦੇ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਧਰਮਕੋਟ ਬੱਗਾ ਪਹਿਲੇ ਸਥਾਨ ਤੇ ਅਤੇ ਦੂਜੇ ਸਥਾਨ ਤੇ ਸਰਕਾਰੀ ਪ੍ਰਾਇਮਰੀ ਸਕੂਲ ਕਿਲਾ ਲਾਲ ਸਿੰਘ ਰਿਹਾ, ਗੋਲਾ ਸੁੱਟਣ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਲਾਲ ਸਿੰਘ ਦੇ ਸਾਵਰਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਕਬੱਡੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਿਲਾ ਲਾਲ ਸਿੰਘ ਵਿਜੇਤਾ ਰਿਹਾ।
ਇਸ ਮੌਕੇ ਤੇ ਸੀ.ਐਚ.ਟੀ ਪਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰ ਪੱਧਰ ਤੇ ਵਿਜੇਤਾ ਰਹਿਣ ਵਾਲੇ ਵਿਦਿਆਰਥੀ ਅੱਗੇ ਬਲਾਕ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈਣਗੇ। ਉਹਨਾਂ ਨੇ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। 
ਇਸ ਮੌਕੇ ਤੇ ਸੀ.ਐਚ.ਟੀ ਮੈਡਮ ਪਲਵਿੰਦਰ ਕੌਰ, ਪਿੰਡ ਹੋਠੀਆਂ ਦੇ ਸਰਪੰਚ ਜਸਪਾਲ ਸਿੰਘ, ਪਿੰਡ ਖਾਨ ਫੱਤਾ ਦੇ ਸਰਪੰਚ ਜਗਜੀਤ ਸਿੰਘ (ਬੋਨੀ) ਅਤੇ ਪਿੰਡ ਛੋਟਾ ਖਾਨ ਫੱਤਾ ਦੇ ਸਰਪੰਚ ਅਵਤਾਰ ਸਿੰਘ ਨੇ ਵੱਖ ਵੱਖ ਖੇਡਾਂ ਵਿੱਚ ਵਿਜੇਤਾ ਰਹੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ। 
ਇਸ ਮੌਕੇ ਤੇ ਬਲਵਿੰਦਰ ਪਾਲ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਸੁਚਵਿੰਦਰ ਸਿੰਘ, ਰਜਿੰਦਰ ਕੁਮਾਰ, ਹਰਮਿੰਦਰ ਕੌਰ, ਦਵਿੰਦਰ ਕੌਰ, ਵਰਿੰਦਰ ਕੌਰ, ਸੋਨਾ ਰਾਣੀ, ਪਰਮਿੰਦਰ ਕੌਰ, ਉਪਮਾ ਕੁਮਾਰੀ, ਹਰਪ੍ਰੀਤ ਸਿੰਘ, ਸ਼ਿਖਾ, ਜਤਿੰਦਰ ਕੌਰ ਆਦਿ ਮੌਜੂਦ ਸਨ।



