
•ਆਸ਼ੂਤੋਸ਼ ਰਾਣਾ ਤੇ ਉਨ੍ਹਾਂ ਦੀ ਟੀਮ ਭਗਵਾਨ ਰਾਮ ਜੀ ਦੇ ਜੀਵਨ, ਦਰਸ਼ਨ ’ਤੇ ਆਧਾਰਿਤ ਨਾਟਕ ਦੀ ਕਰਨਗੇ ਪੇਸ਼ਕਾਰੀ
•ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਮੇਅਰ ਭੁਪਿੰਦਰ ਸਿੰਘ ਬਾਜਵਾ, ਅੰਮਿ੍ਤ ਕਲਸੀ ਨੇ ਪ੍ਰੈੱਸ ਕਾਨਫਰੰਸ ‘ਚ ਦਿੱਤੀ ਜਾਣਕਾਰੀ
•ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ‘ਹਮਾਰੇ ਰਾਮ’ ਦਾ ਮੰਚਨ ਹੋਵੇਗਾ
ਨਿਊਜ਼4ਪੰਜਾਬ ਬਿਊਰੋ
ਬਟਾਲਾ, 3 ਸਤੰਬਰ – ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਬਟਾਲਾ ਵਿੱਚ 6 ਅਤੇ 11 ਸਤੰਬਰ ਨੂੰ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦਾ ਮੰਚਨ ਕੀਤਾ ਜਾਵੇਗਾ। ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿੱਚ ਹੋਣ ਵਾਲੀਆਂ ਇਨ੍ਹਾਂ ਪੇਸ਼ਕਾਰੀਆਂ ਦੌਰਾਨ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਆਪਣੀ ਪੂਰੀ ਟੀਮ ਸਮੇਤ ਭਗਵਾਨ ਰਾਮ ਜੀ ਦੇ ਜੀਵਨ, ਆਦਰਸ਼ਾਂ ਅਤੇ ਦਰਸ਼ਨ ’ਤੇ ਆਧਾਰਿਤ ਨਾਟਕ ਪੇਸ਼ ਕਰਨਗੇ। ਨਗਰ ਨਿਗਮ ਬਟਾਲਾ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮੇਅਰ ਭੁਪਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੱਤੀ। ਇਸ ਮੌਕੇ ਐੱਸ ਡੀ ਐੱਮ ਬਟਾਲਾ ਸਾਰੰਗਪ੍ਰੀਤ ਸਿੰਘ, ਵਿਧਾਇਕ ਸ਼ੈਰੀ ਕਲਸੀ ਦੇ ਭਰਾਤਾ ਅੰਮਿ੍ਤ ਕਲਸੀ, ਕੌਂਸਲਰ ਦਾਸ ਕਰਨ ਸੰਧੂ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ 6 ਅਤੇ 11 ਸਤੰਬਰ ਨੂੰ ਹਰ ਰੋਜ਼ ਦੋ-ਦੋ ਸ਼ੋਅ ਦੁਪਹਿਰ 2 ਵਜੇ ਅਤੇ ਸ਼ਾਮ 6.30 ਵਜੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸ਼ੋਅ ਮੁਫ਼ਤ ਕਰਵਾਏ ਜਾ ਰਹੇ ਹਨ। ਸ਼ੋਅ ਵਿੱਚ ਐਂਟਰੀ ਕਾਰਡ ਰਾਹੀਂ ਹੋਵੇਗੀ ਅਤੇ ਐਂਟਰੀ ਕਾਰਡ ‘ਬੁੱਕ ਮਾਈ ਸ਼ੋਅ’ ਐਪ ਰਾਹੀਂ ਬਿਲਕੁਲ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਹਮਾਰੇ ਰਾਮ’ ਨਾਟਕ ਦੀਆਂ ਪੇਸ਼ਕਾਰੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਇਸ ਸੱਭਿਆਚਾਰਕ ਅਤੇ ਅਧਿਆਤਮਿਕ ਸਮਾਗਮ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।


