ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪੰਜਾਬ ਨੇ ਗੁਰਦਾਸਪੁਰ ਵਿਖੇ ਲਹਿਰਾਇਆ ਰਾਸ਼ਟਰੀ ਤਿੰਰਗਾ
⇒ਪੂਰੇ ਉਤਸ਼ਾਹ ਤੇ ਜਾਹੋ ਜਲਾਲ ਨਾਲ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ
⇒ਮੁੱਖ ਮਹਿਮਾਨ ਸ੍ਰੀ ਬਾਜਵਾ ਵਲੋਂ ਵੀਰ ਨਾਰੀਆਂ ਤੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਕ ਮੈਬਰਾਂ ਤੇ ਖਿਡਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਨਿਊਜ਼4ਪੰਜਾਬ ਬਿਊਰੋ
ਗੁਰਦਾਸਪੁਰ, 15 ਅਗਸਤ (ਹਤਿੰਦਰ ਸ਼ਰਮਾ)- ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿੱਖਿਆ, ਮੰਤਰੀ ਪੰਜਾਬ ਵਲੋਂ ਸਥਾਨਕ ਲੈਫ. ਨਵਦੀਪ ਸਿੰਘ (ਅਸੋਕ ਚੱਕਰ) ਖੇਡ ਸਟੇਡੀਅਮ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਤੇ ਜ਼ਿਲ੍ਹਾ ਵਾਸੀਆਂ ਨੂੰ ਆਪਣਾ ਸੰਦੇਸ਼ ਦਿੱਤਾ ਗਿਆ। ਆਜ਼ਾਦੀ ਦਿਵਸ ਸਮਾਗਮ ਵਿਚ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਸ੍ਰੀ ਇਕਬਾਲ ਸਿੰਘ ਸਹੋਤਾ ਏਡੀਜੀਪੀ ਪੰਜਾਬ, ਐਸ.ਪੀ.ਐਸ ਪਰਮਾਰ ਆਈ.ਜੀ ਬਾਰਡਰ ਰੇਂਜ ਸ੍ਰੀ ਅੰਮ੍ਰਿਤਸਰ, ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਡਾ ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ, ਮੈਡਮ ਸਹਿਲਾ ਕਾਦਰੀ ਧਰਮ ਪਤਨੀ ਡਿਪਟੀ ਕਮਿਸ਼ਨਰ ਗੁਰਦਾਸਪੁਰ, ਰਮਨ ਬਹਿਲ ਚੇਅਰਮੈਨ ਐਸ.ਐਸ.ਬੋਰਡ ਪੰਜਾਬ, ਡਾ. ਸਤਿੰਦਰ ਕੋਰ ਨਿੱਜਰ, ਡਾ. ਸਤਨਾਮ ਸਿੰਘ ਨਿੱਜਰ, ਚੇਅਰਮੈਨ ਜ਼ਿਲ੍ਹਾ ਪਲਾਨਿੰਗ ਕਮੇਟੀ, ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਮੇਜਰ ਅਮਿਤ ਮਹਾਜਨ ਵਧੀਕ ਡਿਪਟੀ ਕਮਿਸ਼ਨਰ (ਅਰਬਨ ਡਿਵਲਪਮੈਂਟ) ਗੁਰਦਾਸਪੁਰ ਸਮੇਤ ਪ੍ਰਮੁੱਖ ਹਸਤੀਆਂ ਮੌਜੂਦ ਸਨ।
ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਕਿ ਕਿਹਾ ਕਿ ਅੱਜ ਅਸੀਂ 75ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਅਤੇ ਇਸ ਮੌਕੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਵੱਖ-ਵੱਖ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਵਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ। ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੀਆਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ। ਉਨਾਂ ਕਿਹਾ ਕਿ ਦੇਸ਼ ਦੇ ਖਿਡਾਰੀਆਂ ਨੇ 7 ਮੈਡਲ ਜਿੱਤ ਕੇ ਖੇਡਾਂ ਪ੍ਰਤੀ ਨਵੀਂ ਸੋਚ ਪੈਦਾ ਕੀਤੀ ਹੈ। 41 ਸਾਲ ਬਾਅਦ ਹਾਕੀ ਵਿਚ ਮੈਡਲ ਜਿੱਤ ਕੇ ਹਾਕੀ ਟੀਮ ਨੇ ਦੇਸ਼ ਅੰਦਰ ਨਵੀਂ ਉਮੰਗ ਛੇੜੀ ਹੈ।
ਸ. ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਸੂਬਾ ਅੱਜ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿੱਖਿਆ, ਸਿਹਤ, ਵਾਤਾਵਰਣ ਪੱਖੀ ਮਾਹੌਲ ਸਿਰਜਣ, ਉਦਯੋਗ, ਨਾਗਰਿਕ ਸੇਵਾਵਾਂ ਅਤੇ ਵੀ.ਆਈ.ਪੀ. ਕਲਚਰ ਖਤਮ ਕਰਨ ਕਰਕੇ ਨਾਮਣਾ ਖੱਟ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਬੀਤੇ ਲਗਭੱਗ ਡੇਢ ਸਾਲ ਦੌਰਾਨ ਆਪਾਂ ਸਾਰੇ ਕਰੋਨਾ ਦੇ ਜਿਸ ਦੌਰ ਵਿਚੋਂ ਗੁਜਰੇ ਹਾਂ, ਮੈਂ ਉਮੀਦ ਕਰਦਾ ਹਾਂ ਕਿ ਉਸੇ ਹੌਂਸਲੇ ਅਤੇ ਹਿੰਮਤ ਨਾਲ ਕਰੋਨਾ ਦੀ ਤੀਜੀ ਲਹਿਰ ਤੋਂ ਵੀ ਨਿਜਾਤ ਪਾ ਲਵਾਂਗੇ। ਉਨਾਂ ਦਿੱਲੀ ਦੀ ਸਰਹੱਦ ’ਤੇ ਬੈਠੇ ਕਿਸਾਨਾਂ ਦੇ ਸੰਘਰਸ਼ ਦੀ ਸਫਲਤਾ ਲਈ ਅਰਦਾਸ ਕਰਦਿਆਂ ਕਿਹਾ ਕਿ ਪਰਮਾਤਮਾ ਜਲਦ ਉਨਾਂ ਦੇ ਵਿੱਢੇ ਸੰਘਰਸ਼ ਨੂੰ ਸਫਲਤਾ ਬਖਸ਼ੇ।
ਆਖਿਰ ਵਿੱਚ, ਉਨਾਂ ਕਿਹਾ ਕਿ ਮੈਂ ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹੋਇਆ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਕਾਮਨਾ ਕਰਦਾ ਹਾਂ। ਵਿਦਿਆਰਥੀਆਂ ਵਲੋਂ ਸ਼ਬਦ, ਦੇਸ਼ ਭਗਤੀ ਦਾ ਗੀਤ, ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮਹਿਮਾਨ ਸ੍ਰੀ ਬਾਜਵਾ ਵਲੋਂ ਲੋੜਵੰਦ ਲੋਕਾਂ ਨੂੰ ਟਰਾਈ ਸਾਈਕਲ ਤੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਸ਼ਖਸ਼ੀਅਤਾਂ ਅਤੇ ਆਪਣੀ ਡਿਊਟੀ ਤੋਂ ਇਲਾਵਾ ਹੋਰ ਵਿਸ਼ੇਸ ਕਾਰਜ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸਨਮਾਨਤ ਕੀਤਾ ਗਿਆ। ਉਨਾਂ ਵਲੋਂ ਪਰੇਡ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸੇ ਤਰਾਂ ਅੱਜ ਪੂਰੇ ਜ਼ਿਲ੍ਹੇ ਅੰਦਰ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਤੇ ਜਾਹੋ ਜਲਾਲ ਨਾਲ ਮਨਾਇਆ ਗਿਆ। ਬਟਾਲਾ, ਡੇਰਾ ਬਾਬਾ ਨਾਨਕ, ਕਲਾਨੋਰ, ਦੀਨਾਨਗਰ, ਕਾਦੀਆਂ ਤੇ ਸ੍ਰੀ ਹਰਗੋਬਿੰਦਪੁਰ ਵਿਖੇ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।