ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ 13 ਸਤੰਬਰ ਨੂੰ ਬਹੁਤ ਸ਼ਰਧਾ ਉਤਸ਼ਾਹ ਨਾਲ ਮਨਾਇਆ ਜਾਵੇਗਾ
⇒ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ 13 ਸਤੰਬਰ ਨੂੰ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ
ਨਿਊਜ਼4ਪੰਜਾਬ ਬਿਊਰੋ
ਬਟਾਲਾ,27 ਅਗਸਤ- ਜਗਤ ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 13 ਸਤੰਬਰ ਦਿਨ ਸੋਮਵਾਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਬਹੁਤ ਸ਼ਰਧਾ ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਕਤ ਜਾਣਕਾਰੀ ਵਿਆਹ ਪੁਰਬ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ (ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਜਥੇਦਾਰ ਸੁਰਜੀਤ ਸਿੰਘ ਤੁਗਲਵਾਲ (ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਜਥੇਦਾਰ ਰਤਨ ਸਿੰਘ ਜਫਰਵਾਲ (ਮੈਂਬਰ ਧਰਮ ਪ੍ਰਚਾਰ ਕਮੇਟੀ) ਅਤੇ ਬੀਬੀ ਜਸਬੀਰ ਕੌਰ ਜਫਰਵਾਲ (ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਸਾਂਝੇ ਤੌਰ ਤੇ ਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਸਬੰਧੀ ਮੀਟਿੰਗ ਕਰਨ ਉਪਰੰਤ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਲਾਨਾ ਜੋੜ ਮੇਲਾ 12 ਸਤੰਬਰ ਤੋਂ 14 ਸਤੰਬਰ ਤੱਕ ਮਨਾਇਆ ਜਾਵੇਗਾ।
ਜਥੇਦਾਰ ਗੋਰਾ, ਜਥੇਦਾਰ ਤੁਗਲਵਾਲ, ਜਥੇਦਾਰ ਜਫਰਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ 11 ਸਤੰਬਰ ਨੂੰ ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਜਿਨ੍ਹਾਂ ਦੇ ਭੋਗ ਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਵਾਲੇ ਦਿਨ 13 ਸਤੰਬਰ ਨੂੰ ਪੈਣਗੇ। ਉਹਨਾਂ ਦੱਸਿਆ ਕਿ 11 ਸਤੰਬਰ ਨੂੰ ਬਾਅਦ ਦੁਪਹਿਰ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਤੋਂ ਸੰਗਤਾਂ ਦਾ ਜੱਥਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਾਸਤੇ ਰਵਾਨਾ ਹੋਵੇਗਾ। ਜਥੇਦਾਰ ਗੋਰਾ, ਜਥੇਦਾਰ ਤੁਗਲਵਾਲ, ਜਥੇਦਾਰ ਜਫਰਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 12 ਸਤੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਮਹਾਨ ਨਗਰ ਕੀਰਤਨ ਆਰੰਭ ਹੋ ਕੇ ਬਟਾਲਾ ਵਿਖੇ ਸ਼ਾਮ ਨੂੰ ਪਹੁੰਚੇਗਾ।13 ਸਤੰਬਰ ਦਿਨ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਾ ਘਰ ਇਤਿਹਾਸਕ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ ਸਵੇਰੇ 8 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋਵੇਗਾ। ਜੋ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ, ਗੁਰਦੁਆਰਾ ਸ੍ਰੀ ਕੰਧ ਸਾਹਿਬ ਤੋਂ ਹੁੰਦਾ ਹੋਇਆ ਰਾਤ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ।
ਇਸ ਮੌਕੇ ਤੇ ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ (ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ), ਸ੍ਰ ਦਵਿੰਦਰ ਸਿੰਘ ਲਾਲੀ ਬਾਜਵਾ (ਮੈਨੇਜਰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਸਤਿਕਰਤਾਰੀਆਂ ਸਾਹਿਬ),ਸ੍ਰ ਬਲਜੀਤ ਸਿੰਘ ਤਲਵੰਡੀ ਰਾਮਾਂ (ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ),ਸ੍ਰ ਮਲਕੀਅਤ ਸਿੰਘ ਹੈਪੀ, ਸ੍ਰ ਸਰਬਜੀਤ ਸਿੰਘ ਸਾਹਬੀ,ਸ੍ਰ ਗੁਰਖੇਲ ਸਿੰਘ ਨਿੱਕੇ ਘੁੰਮਣ ਆਦਿ ਹਾਜ਼ਰ ਸਨ।